ਹਾਂਗਕਾਂਗ: ਹਵਾਲਗੀ ਬਿੱਲ ਵਾਪਸ ਲੈਣ ਦਾ ਐਲਾਨ
ਹਾਂਗਕਾਂਗ ਵਿੱਚ ਤਣਾਅ ਦਾ ਕਾਰਨ ਬਣੇ ਹਵਾਲਗੀ ਬਿੱਲ, ਜਿਸ ਦੇ ਵਿਰੋਧ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲੋਕਤੰਤਰ ਪੱਖੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਨੂੰ ਅੱਜ ਵਾਪਸ ਲੈ ਲਿਆ। ਇਹ ਐਲਾਨ ਕਰਦਿਆਂ ਸ਼ਹਿਰ ਦੇ ਇੱਕ ਆਗੂ ਨੇ ਅੱਜ ਇੱਥੇ ਆਖਿਆ ਕਿ ਇਸ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਪੰਜ ਮੁੱਖ ਮੰਗਾਂ ’ਚੋਂ ਇੱਕ ਮੰਗ ਪੂਰੀ ਹੋ ਜਾਵੇਗੀ।ਦੱਸਣਯੋਗ ਹੈ ਕਿ ਜੂਨ ਮਹੀਨੇ ਤੋਂ ਹਜ਼ਾਰਾਂ ਲੋਕ ਹਾਂਗਕਾਂਗ ਦੀਆਂ ਸੜਕਾਂ ’ਤੇ ਇਸ ਬਿੱਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਤਾਜ਼ਾ ਐਲਾਨ ਨਾਲ ਪ੍ਰਦਰਸ਼ਨਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹਾਂਗਕਾਂਗ ਦੀ ਚੀਨ ਪੱਖੀ ਨੇਤਾ ਕੈਰੀ ਲੈਮ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਬਿੱਲ ਵਾਪਸ ਲਏ ਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਅੱਜ ਅਖ਼ੀਰ ਲੈਮ ਨੇ ਸ਼ਾਂਤੀ ਦਾ ਸੱਦਾ ਦਿੱਤਾ ਹੈ। ਲੈਮ ਨੇ ਆਪਣੇ ਦਫ਼ਤਰ ਰਾਹੀਂ ਜਾਰੀ ਕੀਤੇ ਵੀਡੀਓ ਬਿਆਨ ਵਿੱਚ ਕਿਹਾ, ‘‘ਆਮ ਲੋਕਾਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸਰਕਾਰ ਵਲੋਂ ਰਸਮੀ ਤੌਰ ’ਤੇ ਬਿੱਲ ਵਾਪਸ ਲਿਆ ਜਾਵੇਗਾ।’’ ਸਥਾਨਕ ਮੀਡੀਆ ਵਿੱਚ ਚੱਲ ਰਹੇ ਲੈਮ ਦੇ ਤਾਜ਼ਾ ਐਲਾਨ ਅਨੁਸਾਰ ਹਵਾਲਗੀ ਬਿੱਲ ਵਾਪਸ ਲਏ ਜਾਣ ਨਾਲ ਸੰਕਟ ਖ਼ਤਮ ਕਰਨ ਵਿੱਚ ਮੱਦਦ ਮਿਲੇਗੀ। ਇਸ ਐਲਾਨ ਸਬੰਧੀ ਰਿਪੋਰਟਾਂ ਆਉਣ ਤੋਂ ਬਾਅਦ ਦੁਪਹਿਰ ਵੇਲੇ ਹਾਂਗਕਾਂਗ ਦੀ ਸਟਾਕ ਮਾਰਕੀਟ ਵਿੱਚ ਕਰੀਬ ਚਾਰ ਪ੍ਰਤੀਸ਼ਤ ਉਛਾਲ ਆਇਆ।