January 18, 2025
#ਖੇਡਾਂ

ਰਿਜਿਜੂ ਵੱਲੋਂ ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ ’ਚ ਸ਼ਾਮਲ ਕਰਨ ਦੀ ਮੰਗ

ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਬਰਤਾਨੀਆ ਦੇ ਡਿਜੀਟਲ, ਸਭਿਆਚਾਰ, ਮੀਡੀਆ ਅਤੇ ਖੇਡ ਮੰਤਰੀ ਨਿੱਕੀ ਮੌਰਗਨ ਨੂੰ ਪੱਤਰ ਲਿਖ ਕੇ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਨੂੰ ਸ਼ਾਮਲ ਕਰਨ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ। ਸਾਲ 1974 ਮਗਰੋਂ ਪਹਿਲੀ ਵਾਰ ਨਿਸ਼ਾਨੇਬਾਜ਼ੀ ਨੂੰ ਇਨ੍ਹਾਂ ਖੇਡਾਂ ਵਿੱਚੋਂ ਬਾਹਰ ਕੀਤਾ ਗਿਆ ਹੈ। ਹਾਲਾਂਕਿ ਰਾਸ਼ਟਰਮੰਡਲ ਖੇਡ ਫੈਡਰੇਸ਼ਨ ਦੇ ਪ੍ਰਧਾਨ ਲੂਈਸ ਮਾਰਟਿਨ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਕਦੇ ਵੀ ਰਾਸ਼ਟਰਮੰਡਲ ਵਿੱਚ ਲਾਜ਼ਮੀ ਖੇਡ ਵਜੋਂ ਸ਼ਾਮਲ ਨਹੀਂ ਰਹੀ ਸੀ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਨਿਸ਼ਾਨੇਬਾਜ਼ੀ ਵਿੱਚ ਕਾਫ਼ੀ ਚੰਗਾ ਪ੍ਰਦਰਸ਼ਨ ਰਿਹਾ ਹੈ। ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨ ਕਾਰਨ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਵੀ ਬਰਮਿੰਘਮ ਖੇਡਾਂ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ।ਖੇਡਾਂ ’ਚੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨ ’ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਖੇਡ ਮੰਤਰੀ ਨੇ ਮੌਰਗਨ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਦਖ਼ਲ-ਅੰਦਾਜ਼ੀ ਮੰਗੀ ਤਾਂ ਕਿ ਬਰਮਿੰਘਮ ਖੇਡਾਂ ਦੀ ਸੂਚੀ ਵਿੱਚ ਇਸ ਨੂੰ ਸ਼ਾਮਲ ਕਰ ਲਿਆ ਜਾਵੇ। ਉਨ੍ਹਾਂ ਪੱਤਰ ਵਿੱਚ ਲਿਖਿਆ, ‘‘ਤੁਹਾਨੂੰ ਪਤਾ ਹੋਵੇਗਾ ਕਿ ਨਿਸ਼ਾਨੇਬਾਜ਼ੀ ਨੂੰ 1966 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ 1974 ਮਗਰੋਂ ਨਿਸ਼ਾਨੇਬਾਜ਼ੀ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਰਹੀ ਹੈ। ਮੰਦਭਾਗਾ ਹੈ ਕਿ ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਦੇ ਕਾਰਜਕਾਰੀ ਬੋਰਡ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨ ਦਾ ਫ਼ੈਸਲਾ ਕੀਤਾ।