ਦਿੱਲੀ ’ਚ 2.1 ਲੱਖ ਸਟਰੀਟ ਲਾਈਟਾਂ ਲਗਾਉਣ ਦੀ ਯੋਜਨਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ’ ਸ਼ਹਿਰ ’ਚ ਲਾਗੂ ਕੀਤੀ ਜਾਵੇਗੀ, ਜਿਸ ਤਹਿਤ ਹਨੇਰੇ ਸਥਾਨਾਂ ਨੂੰ ਖ਼ਤਮ ਕਰਨ ਲਈ ਸ਼ਹਿਰ ’ਚ 2.1 ਲੱਖ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇਹ ਔਰਤਾਂ ਖ਼ਿਲਾਫ਼ ਅਪਰਾਧਾਂ ’ਤੇ ਰੋਕ ਲਾਉਣ ’ਚ ਮਦਦਗਾਰ ਸਾਬਤ ਹੋਣਗੀਆਂ। ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ’ਚ ਜਿੱਥੇ ਵੀ ਜ਼ਰੂਰਤ ਪਵੇਗੀ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਤੇ ਦਿੱਲੀ ਦੀਆਂ 3 ਬਿਜਲੀ ਕੰਪਨੀਆਂ ਇਹ ਲਾਈਟਾਂ ਲਾਉਣਗੀਆਂ ਤੇ ਦੇਖ-ਭਾਲ ਕਰਨਗੀਆਂ। ਇਨ੍ਹਾਂ ਲਾਈਟਾਂ ਨੂੰ ਸੂਰਜ ਦੀ ਰੌਸ਼ਨੀ ਦੇ ਸੈਂਸਰ ਦੁਆਰਾ ਕੰਟਰੋਲ ਕੀਤਾ ਜਾਵੇਗਾ। ਸਰਕਾਰ 1 ਨਵੰਬਰ, 2019 ਤੋਂ ਸਟ੍ਰੀਟ ਲਾਈਟਾਂ ਲਗਾਉਣੀ ਸ਼ੁਰੂ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਛੱਤ ‘ਤੇ ਸਟਰੀਟ ਲਾਈਟਾਂ ਲਗਵਾਉਣ ਲਈ ਅੱਗੇ ਆਉਣ ਤੇ ਕਿਹਾ, ‘ ਅਸੀਂ ਇਹ ਲਾਈਟਾਂ ਸ਼ਹਿਰ ਭਰ ਦੇ ਹਨੇਰੇ ਥਾਵਾਂ ‘ਤੇ ਲਗਾ ਰਹੇ ਹਾਂ। ਜੇਕਰ ਕੋਈ ਵਿਅਕਤੀ ਆਪਣੀ ਛੱਤ ’ਤੇ ਸਟ੍ਰੀਟ ਲਾਈਟ ਲਗਾਉਣ ਲਈ ਤਿਆਰ ਹੈ ਤਾਂ ਉਸ ਦਾ ਬਿਜਲੀ ਦਾ ਬਿੱਲ ਉਸ ਦੇ ਮਹੀਨੇਵਾਰ ਬਿੱਲ ’ਚੋਂ ਕੱਟ ਦਿੱਤਾ ਜਾਵੇਗਾ। ‘ਇਨ੍ਹਾਂ ਲਾਈਟਾਂ ਨੂੰ ਲਗਾਉਣ ਦਾ ਅਨੁਮਾਨਤ ਬਜਟ ਸਾਲਾਨਾ ਲਗਭਗ 100 ਕਰੋੜ ਰੁਪਏ ਤੇ ਰੱਖ-ਰਖਾਅ ਲਈ 10 ਕਰੋੜ ਰੁਪਏ ਦਾ ਬਜਟ ਹੈ।” ਕੇਜਰੀਵਾਲ ਨੇ ਕਿਹਾ ਕਿ ਜਿਹੜੇ ਨਾਗਰਿਕ ਆਪਣੇ ਆਸ ਪਾਸ ਦੇ ਹਨੇਰੇ ਸਥਾਨਾਂ ‘ਤੇ ਸਟ੍ਰੀਟ ਲਾਈਟਾਂ ਲਗਾਉਣ ਲਈ ਤਿਆਰ ਹਨ, ਉਹ ਉਸ ਖੇਤਰ ਦੇ ਵਿਧਾਇਕ ਕੋਲ ਜਾ ਸਕਦੇ ਹਨ ਤੇ ਉਹ ਉਨ੍ਹਾਂ ਥਾਵਾਂ ਦੀ ਹੋਰ ਪਛਾਣ ਕਰਨਗੇ ਜਿਥੇ ਵੀ ਰਾਤਾਂ ਨੂੰ ਲਾਈਟਾਂ ਲਗਾਉਣ ਦੀ ਜ਼ਰੂਰਤ ਹੁੰਦੀ ਹੈ। ਬਾਅਦ ’ਚ ਵਿਅਕਤੀ ਨੂੰ ਇਸ ਸਬੰਧ ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਲਈ ਕਿਹਾ ਜਾਵੇਗਾ।