ਮੁੱਖ ਮੰਤਰੀ ਵੱਲੋਂ ਮੇਜਰ ਜਨਰਲ ਐਸ.ਪੀ.ਐਸ. ਗਰੇਵਾਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਵੀ ਹਮਦਰਦੀ ਜ਼ਾਹਰ ਕੀਤੀ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਾਬਕਾ ਫ਼ੌਜੀ ਨਿਗਮ (ਪੈਸਕੋ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਅਤੇ ਫੌਜ ਦੇ ਕਾਰਪਸ ਆਫ ਸਿਗਨਲਜ਼ ਦੇ ਮੇਜਰ ਜਨਰਲ (ਰਿਟਾ.) ਸੁਰਿੰਦਰ ਪਾਲ ਸਿੰਘ ਗਰੇਵਾਲ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਗਰੇਵਾਲ ਅੱਜ ਸ਼ਾਮ ਸੰਖੇਪ ਬਿਮਾਰੀ ਮਗਰੋਂ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਵਸੇ। ਉਹ 69 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਛੱਡ ਗਏ ਹਨ।ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਮੇਜਰ ਜਨਰਲ ਗਰੇਵਾਲ ਨੂੰ ਅਨੁਸ਼ਾਸਨਬੱਧ, ਵਿਲੱਖਣ ਅਤੇ ਸੂਝਵਾਨ ਅਫ਼ਸਰ ਦੱਸਿਆ ਜਿਨਾਂ ਨੇ ਵੱਖ-ਵੱਖ ਅਹੁਦਿਆਂ ’ਤੇ ਹੁੰਦਿਆਂ ਭਾਰਤੀ ਫੌਜ ਦੀ ਸੇਵਾ ਕੀਤੀ। ਐਸ.ਪੀ.ਐਸ. ਗਰੇਵਾਲ ਨਾਲ ਆਪਣੀ ਨਿੱਘੀ ਸਾਂਝ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਉਨਾਂ ਦੀ ਮੌਤ ਨੂੰ ਨਿੱਜੀ ਘਾਟਾ ਦੱਸਿਆ। ਦੁਖੀ ਪਰਿਵਾਰ ਨਾਲ ਆਪਣੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫੌਜ ਇਕ ਮਹਾਨ ਅਫ਼ਸਰ ਅਤੇ ਯੋਗ ਪ੍ਰਸ਼ਾਸਕ ਤੋਂ ਵਾਂਝੀ ਹੋ ਗਈ, ਜਿਨਾਂ ਨੇ ਸਾਬਕਾ ਫੌਜੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਲਗਨ ਅਤੇ ਤਨਦੇਹੀ ਨਾਲ ਕੰਮ ਕੀਤਾ। ਇਸੇ ਦੌਰਾਨ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ ਨੇ ਵੀ ਐਸ.ਪੀ.ਐਸ. ਗਰੇਵਾਲ ਦੀ ਮੌਤ ’ਤੇ ਅਫਸੋਸ ਜ਼ਾਹਰ ਕੀਤਾ ਜਿਨਾਂ ਨਾਲ ਉਨਾਂ ਦੀ ਨੇੜਲੀ ਸਾਂਝ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਮੇਜਰ ਜਨਰਲ ਗਰੇਵਾਲ ਦਾ ਅੰਤਿਮ ਸੰਸਕਾਰ ਇੱਥੇ ਸੈਕਟਰ-25 ਦੇ ਸ਼ਮਸ਼ਾਨਘਾਟ ਵਿਖੇ ਮੰਗਲਵਾਰ ਨੂੰ ਬਾਅਦ ਦੁਪਹਿਰ 3:00 ਵਜੇ ਹੋਵੇਗਾ।