February 5, 2025
#ਭਾਰਤ

ਕਸ਼ਮੀਰੀ ਟੀਵੀ ਕਲਾਕਾਰ ਅਮਰੀਨ ਭੱਟ ਦਾ ਗੋਲੀਆਂ ਮਾਰ ਕੇ ਕਤਲ

ਜੰਮੂ : ਅਤਿਵਾਦੀਆਂ ਨੇ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦੇ ਹੋਏ ਟੀਵੀ ਕਲਾਕਾਰ ਦਾ ਕਤਲ ਕਰ ਦਿਤਾ ਹੈ, ਸੂਤਰਾਂ ਅਨੁਸਾਰ ਅਤਿਵਾਦੀ ਇਸ ਕਲਾਕਾਰ ਤੋਂ ਬਹੁਤ ਪ੍ਰੇਸ਼ਾਨ ਸਨ ਇਸ ਦਾ ਮੁੱਖ ਕਾਰਨ ਇਹ ਸੀ ਕਿ ਇਹ ਕਲਾਕਾਰ ਭਾਰਤੀ ਫ਼ੌਜੀਆਂ ਨਾਲ ਮਿਲ ਕੇ ਕੁੱਝ ਵੀਡੀਉ ਬਣਾ ਕੇ ਸ਼ੋਸ਼ਲ ਮੀਡੀਆ ਪਾਉਂਦੀ ਸੀ ਜੋ ਕਿ ਅਤਿਵਾਦੀਆਂ ਨੂੰ ਠੀਕ ਨਹੀਂ ਸਨ ਲਗਦੇ। ਦਰਅਸਲ ਇਹ ਕਲਾਕਾਰ ਅਤਿਵਾਦੀਆਂ ਵਿਰੁਧ ਵੀਡੀਉ ਬਣਾ ਕੇ ਪਾਉਦੀ ਸੀ।
ਹੁਣ ਕਸ਼ਮੀਰੀ ਟੀਵੀ ਕਲਾਕਾਰ ਅਮਰੀਨ ਭੱਟ ਨੂੰ ਅੱਤਵਾਦੀਆਂ ਨੇ ਘਰੋਂ ਬਾਹਰ ਬੁਲਾਇਆ ਅਤੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਅਮਰੀਨ ਭੱਟ ਸੋਸ਼ਲ ਮੀਡੀਆ ‘ਤੇ ਸਰਗਰਮ ਸੀ। ਟਿਕਟਾਕ ‘ਤੇ ਉਸ ਦੇ ਵੀਡੀਓ ਕਾਫੀ ਮਸ਼ਹੂਰ ਹੋਏ ਸਨ।

ਸੂਤਰਾਂ ਮੁਤਾਬਕ ਅਮਰੀਨ ਇਕ ਕਲਾਕਾਰ ਦੇ ਤੌਰ ‘ਤੇ ਫ਼ੌਜ ਨਾਲ ਪ੍ਰੋਗਰਾਮਾਂ ‘ਚ ਹਿੱਸਾ ਲੈਂਦੀ ਸੀ। ਇਸ ਕਾਰਨ ਸ਼ਾਇਦ ਅੱਤਵਾਦੀਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਵੀਰਵਾਰ ਨੂੰ ਬਡਗਾਮ ਜ਼ਿਲੇ ਦੇ ਚਦੂਰਾ ਇਲਾਕੇ ਦੇ ਹੁਸਰੂ ਪਿੰਡ ‘ਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲੇ ਰੋ-ਰੋ ਕੇ ਇੱਕੋ ਗੱਲ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਧੀ ਦਾ ਕੀ ਕਸੂਰ ਸੀ, ਉਸ ਨੂੰ ਕਿਉਂ ਮਾਰਿਆ ਗਿਆ ?

ਗੋਲੀਬਾਰੀ ‘ਚ ਅਮਰੀਨ ਦਾ ਭਤੀਜਾ ਵੀ ਜ਼ਖਮੀ ਹੋ ਗਿਆ। ਭਤੀਜੇ ਨੂੰ ਫੌਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰੀਨ ਭੱਟ (29) ਆਪਣੇ ਭਤੀਜੇ ਫੁਰਹਾਨ ਜ਼ੁਬੈਰ ਦੇ ਨਾਲ ਰਾਤ 8 ਵਜੇ ਦੇ ਕਰੀਬ ਚਦੂਰਾ ਇਲਾਕੇ ਵਿੱਚ ਆਪਣੇ ਘਰ ਦੇ ਬਾਹਰ ਆਈ ਸੀ। ਉੱਥੇ ਮੌਜੂਦ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਆਂ ਲੱਗਦੇ ਹੀ ਅਮਰੀਨ ਅਤੇ ਉਸ ਦਾ ਭਤੀਜਾ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਡਿੱਗ ਪਏ। ਇਸ ਤੋਂ ਬਾਅਦ ਅੱਤਵਾਦੀ ਉਥੋਂ ਭੱਜ ਗਏ।

ਗੁਆਂਢੀ ਗੁਲਾਮ ਨਬੀ ਨੇ ਦੱਸਿਆ ਕਿ ਜਦੋਂ ਸ਼ਾਮ ਨੂੰ ਇਹ ਘਟਨਾ ਵਾਪਰੀ ਤਾਂ ਨਮਾਜ਼ ਦਾ ਸਮਾਂ ਸੀ। ਉਨ੍ਹਾਂ ਦੱਸਿਆ ਕਿ ਰੌਲਾ ਸੁਣ ਕੇ ਅਸੀਂ ਇੱਥੇ ਪੁੱਜੇ। ਖੂਨ ਨਾਲ ਲੱਥਪੱਥ ਅਮਰੀਨ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।